ਬੰਦ ਕਰੋ

ਇਤਿਹਾਸ

ਬਠਿੰਡੇ ਦਾ ਇਤਿਹਾਸਕ ਕਿਲ੍ਹਾ ਆਪਣੇ ਗਰਭ ਵਿੱਚ ਸੈਂਕੜੇ ਸਾਲਾਂ ਦਾ ਇਤਿਹਾਸ ਸਮੋਈ ਬੈਠਾ ਹੈ । ਸ਼ਹਿਰ ਦੇ ਐਨ ਵਿਚਕਾਰ ਸਥਿਤ ਇਸ ਕਿਲ੍ਹੇ ਨੂੰ ਦੇਖਦਿਆਂ ਹੀ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ ।ਬਜ਼ੁਰਗਾਂ ਦੇ ਕਹਿਣ ਅਨੁਸਾਰ ਪਹਿਲਾਂ ਕਿਲ੍ਹੇ ਦੇ ਨਾਲ ਦਰਿਆ ਵਗਦਾ ਸੀ । ਪ੍ਰਤੂੰ ਸਮੇਂ ਦੇ ਨਾਲ ਉਸ ਦਾ ਵਜੂਦ ਖਤਮ ਹੋ ਚੁੱਕਾ ਹੈ । ਬੇਗਮ ਰਜ਼ੀਆ ਸੁਲਤਾਨ ਦਾ ਵੀ ਇਸ ਕਿਲ੍ਹੇ ਤੇ ਰਾਜ ਰਿਹਾ ਹੈ । ਉਸ ਦੀ ਆਪਣੇ ਪ੍ਰੇਮੀ ਯਾਕੂਦ ਨਾਲ ਮੁਹੱਬਤ ਵੀ ਇੱਥੇ ਹੀ ਪ੍ਰਵਾਨ ਚੜ੍ਹੀ। ਰਾਜਸੱਤਾ ਦੀ ਕਸ਼ਮਕਸ਼ ‘ਚ ਇਨ੍ਹਾਂ ਦੀ ਮੁਹੱਬਤ ਦਾ ਅੰਤ ਵੀ ਇੱਥੇ ਹੀ ਹੋਇਆ ਤੇ ਰਜ਼ੀਆ ਸੁਲਤਾਨ ਨੂੰ ਇਸੇ ਹੀ ਕਿਲ੍ਹੇ ਵਿੱਚ ਕੈਦ ਕਰਕੇ ਰੱਖਿਆ ਗਿਆ ਅਤੇ ਬਾਅਦ ਵਿੱਚ ਦੋਨਾਂ ਨੂੰ ਇੱਥੇ ਹੀ ਕਤਲ ਕਰ ਦਿੱਤਾ ਗਿਆ।  ਇਸੇ ਕਿਲ੍ਹੇ ‘ਚ ਹੀ ਸੰਨ ੧੭੦੬ ਈਸਵੀ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਮਦਮਾ ਸਾਹਿਬ ਤੋਂ ਚੱਕ ਫਤਿਹ ਸਿੰਘ ਜਾਂਦੇ ਹੋਏ ਇਸ ਕਿਲ੍ਹੇ ਵਿੱਚ ਚਰਨ ਪਾਏ ਸਨ। ਪੁਰਾਤਨ ਸਾਖੀ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਇੱਕ ਰਾਖਸ਼ਸ਼ ਦਾ ਉਧਾਰ ਵੀ ਕੀਤਾ ਜਿਸ ਤੋਂ ਲੋਕ ਬਹੁਤ ਦੁਖੀ ਸਨ। ਉਨ੍ਹਾਂ ਦੀ ਯਾਦ ਵਿੱਚ ਹੀ ਕਿਲ੍ਹੇ ਦੇ ਅੰਦਰ ਗੁਰਦੁਆਰਾ ਕਿਲ੍ਹਾ ਮੁਬਾਰਕ ਸੁਸ਼ੋਭਿਤ ਹੈ।  ਇਸੇ ਤਰ੍ਹਾਂ ਹੀ ਬਠਿੰਡਾ ਵਿਖੇ ਗੁਰਦੁਆਰਾ ਹਾਜੀਰਤਨ ਅਤੇ ਦਰਗਾਹ ਪੀਰ ਬਾਬਾ ਹਾਜੀਰਤਨ ਮੌਜੂਦ ਹੈ। ਜਿਸ ਦਾ ਇਤਿਹਾਸ ਵੀ ਸੈਂਕੜੇ ਸਾਲ ਪੁਰਾਣਾ ਹੈ। ਜਿਕਰਯੋਗ ਹੈ ਕਿ ਅੰਗਰੇਜ਼ ਰਾਜ ਸਮੇਂ ਦੇ ਬਠਿੰਡਾ ‘ਚ ਗੋਰੇ ਅਧਿਕਾਰੀਆਂ ਦੇ ਪਰਿਵਾਰਾਂ ਦੇ ਠਹਿਰਾਓ ਲਈ ਰੇਲਵੇ ਲਾਈਨਾਂ ਤੋਂ ਪਾਰ ਠੰਡੀ ਸੜਕ ਵਜੋਂ ਮਸ਼ਹੂਰ ਏਰੀਏ ਵਿੱਚ ਇੱਕ ਬੋਰਡ ਲੱਗਾ ਹੁੰਦਾ ਸੀ, ਜਿਸ ‘ਤੇ ਲਿਖਿਆ ਹੋਇਆ ਸੀ ਕਿ ਇਸ ਸੜਕ ਤੋਂ ਹਿੰਦੁਸਤਾਨੀਆਂ ਦਾ ਲੰਘਣਾ ਸਖਤ ਮਨ੍ਹਾ ਹੈ।